Saturday, May 8, 2010

ਤਰਾਸਦੀ

ਤਰਾਸਦੀ

ਪਾਕ ਪਵਿੱਤਰ
ਸੁੱਚੇ ਜ਼ਜਬਿਆਂ ਨੂੰ
ਹੋਠਾਂ ਪਿੱਛੇ ਲੁਕਾਉਣਾ,
ਚੁੱਪ ਦੇ ਜਿੰਦਰੇ ਨਾਲ
ਬੋਲਾਂ ਨੂੰ ਬੰਦੀ ਕਰਨਾ,
ਜਿੰਦਗੀ ਦੀਆਂ ਦੁਸ਼ਵਾਰੀਆਂ
ਅੱਗੇ ਗੋਡੇ ਟੇਕਨਾ,
ਤੁਰ ਗਿਆਂ ਦੇ ਮੁੜਨ ਦੀ
ਫੋਕੀ ਆਸ ਲਾ ਕੇ
ਜਿ਼ਊਂਦੇ ਜੀਅ ਮਰਿਆਂ ਦੀ
ਫੋਟੋ ਦਿਲ ਦੀ ਕੰਧ ਤੇ ਲਾਉਣਾ,
ਛਾਵਾਂ ਚ ਸੜ੍ਹੇ ਗੁਲਸ਼ਨ ਦਾ
ਧੁੱਪਾਂ ਸਿਰ ਇਲਜ਼ਾਮ ਲਾਉਣਾ
ਹਾਦਸਿਆਂ ਨੂੰ ਹੋਣੀ ਕਹਿ
ਜ਼ੁਲਮਾਂ ਅੱਗੇ ਸੀਸ ਝੁਕਾਉਣਾ
ਜੇ ਇੱਕ ਤਰਾਸਦੀ ਨਈਂ
ਤਾਂ ਹੋਰ ਕੀ ਹੈ??

ਹਰਪਿੰਦਰ ਰਾਨਾ

ਬਿਆਨ ਇ ਔਰਤ

ਬੀਤਦੀ ਹੈ ਮੇਰੀ ਉਮਰਾ ਕੈਦਖਾਨੇ ,
ਹੋਣਗੇ ਥੋਡੇ ਲਈ ਬਦਲੇ ਜ਼ਮਾਨੇ ।

ਦੋਸਤੀ ਪੈਂਦੀ ਨਾ ਕਿਰਨਾਂ ਤਾਂਈ ਮੇਰੀ
ਕਿੰਝ ਸੂਰਜ ਨਾਲ ਹੋਣਗੇ ਯਰਾਨੇ ।

ਟੁੱਟਦੇ ਨੇ ਰੋਜ਼ ਖਾਬਾਂ ਵਾਂਗ ਰਾਤੀਂ
ਕਿੰਝ ਪਾਵਾਂ ਤਾਰਿਆਂ ਸੰਗ ਦੋਸਤਾਨੇ ।

ਜ਼ਖ਼ਮ ਨੇ ਪੱਟੀਆਂ ਥੱਲੇ ਛੁਪਾਏ
ਬੋਲ ਕੇ ਦੱਸਣ ਕਿਵੇਂ ਮੇਰੇ ਫ਼ਸਾਨੇ ।

ਰੂਹ ਕਿਵੇਂ ਪਿੰਜਰੇ ਦੇ ਵਿੱਚ ਮਾਰੇ ਉਡਾਰੀ
ਬੋਚ ਕੇ ਪਰ ਬੈਠ ਜਾਂਦੀ ਆਸਿ਼ਆਨੇ ।

ਹਰਪਿੰਦਰ ਰਾਨਾ

Tuesday, April 13, 2010

ਗ਼ਜ਼ਲ

ਹੰਝ ਪਲਕਾਂ 'ਚ ਜੋ ਅਟਕਦੇ ਨੇ
ਇੱਕ ਤੇਰੀ ਝਲਕ ਲਈ ਭਟਕਦੇ ਨੇ

ਫੈਲੀ ਹਰ ਪਲ ਇਕੱਲ ਹਰ ਪਾਸੇ
ਘੁੰਗਰੂ ਯਾਦ ਵਿਚ ਛਣਕਦੇ ਨੇ

ਰਾਤ ਕਾਲੀ ਹਮੇਸ਼ ਨਾ ਰਹਿੰਦੀ
ਜੁੰਗਨੂੰ ਆਸ਼ਾਵਾਂ ਦੇ ਚਮਕਦੇ ਨੇ

ਫਰਕਦੇ ਹੋਂਠ ਅਵਾਜ਼ ਨਾ ਨਿਕਲੇ
ਵਾਂਗ ਖੁਸ਼ਬੂ ਸਨਮ ਲਿਪਟਦੇ ਨੇ

ਰੱਖਿਆ ਜਬਤ ਅਸੀਂ ਬਹੁਤ ਖੁਦ 'ਤੇ
ਹੰਝ ਪਲਕਾਂ ਤੇ ਫਿਰ'ਲਰਜ਼ਦੇ ਨੇ

ਹਰਪਿੰਦਰ ਰਾਨਾ
੧੩-੦੪-੨੦੧੦

Saturday, February 13, 2010

ਇੱਕਰੂਪਤਾ

ਬਚਪਨ 'ਚ ਕਰਦੇ ਸਾਂ ਪਰਯੌਗ
ਘੁੰਮਣੀ ਤਖਤੀ ਦੇ
ਇੱਕ ਪਾਸੇ ਬਣਿਆ ਤੌਤਾ
ਦੂਜੇ ਪਾਸੇ ਬਣੇ ਪਿੰਜਰੇ 'ਚ
ਕੈਦ ਹੌ ਜਾਂਦਾ ਸੀ ਘੁੰਮਾਉਣ ਤੇ
ਹੁਣ ਸਮੇਂ ਦੀ ਘੁੰਮਦੀ ਤਖਤੀ
ਦਿਖਾਉਂਦੀ ਹੈ ਅਜੀਬ ਹਕੀਕਤ
ਇੱਕ ਪਾਸੇ ਰਾਜਨੀਤੀ 'ਤੇ
ਦੂਜੇ ਪਾਸੇ ਧਰਮ ਗੁਰੂ ਲਿਖਕੇ
ਕਦੇ ਰਾਜਨੀਤੀ ਧਰਮ ਗੁਰੂ ਦੀ ਕੈਦ 'ਚ
ਤੇ ਕਦੇ ਧਰਮ ਗੁਰੂ ਰਾਜਨੀਤੀ ਦੀ ਕੈਦ 'ਚ
ਦੌਹਾਂ 'ਚ ਇੱਕਰੂਪਤਾ ਹੈ
ਜਿਵੇਂ ਸੱਤ ਰੰਗੀ ਤਖਤੀ
ਘੁੰਮਦੀ ਹੌਈ ਸਿਰਫ ਸਫੈਦ ਹੁੰਦੀ ਹੈ
ਦੌਵੇਂ ਹੀ ਦਾਗੌ ਦਾਗ
ਫਿਰ ਵੀ ਦੁੱਧ ਧੌਤੇ
ਪਾਕ ਪਵਿੱਤਰ ਰੂਹ ਦੌਵੇਂ ਹੀ ਕਰਦੇ
ਜਨਤਾ ਨੂੰ ਗੁੰਮਰਾਹ
ਇੱਕ ਦੰਗੇ ਕਰਵਾ
ਪਰਮਾਣੂੰ 'ਤੇ ਬਾਹਰੀ ਖਤਰਾ ਦਰਸਾ
ਦੂਜਾ ਅਗਲੇ ਜਨਮ ਦਾ
ਖਦਸ਼ਾ ਦਰਸਾ
ਚੰਗੇ ਮਾੜੇ ਕਰਮਾਂ ਦੇ ਚੱਕਰ 'ਚ ਪਾ
ਮਨੁੱਖੀ ਸੌਚ ਨੂੰ ਗੁਲਾਮ ਰੱਖਣ ਲਈ
ਭੈਅਮਾਨ ਕਰਦੇ
'ਤੇ ਭੈਅਭੀਤ ਮਨੁੱਖ ਹੀ
ਟੇਕਦਾ ਹੈ ਗੌਡੇ ਹਮੌਸ਼ਾਂ
ਸੁਪਰੀਮ ਪਾਵਰਾਂ ਅੱਗੇ
ਮੀਚ ਲੈਂਦਾ ਹੈ ਅੱਖਾਂ
ਕਿਸੇ ਤਿਣਕੇ ਨੂੰ ਓਟ ਸਮਝ
'ਤੇ ਸਾਜਿਸ਼ੀ ਇੱਕਰੂਪਤਾ ਚ
ਅਭੇਦ ਹੌ ਜਾਂਦਾ ਹੈ